ਵੈਬਰ ਮੈਕਸ (weber max) (1864-1920) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਵੈਬਰ, ਮੈਕਸ (weber max) (1864-1920): ਐਰਫਰਟ (ਜਰਮਣੀ) ਵਿੱਚ ਜੰਮੇ ਵੈਬਰ ਨੇ ਹੈਡਲਬਰਗ, ਗੋਟਿੰਗਨ ਅਤੇ ਬਰਲਨ ਯੂਨੀਵਰਸਿਟੀਆਂ ਵਿੱਚ ਵਿਦਿਆ ਪ੍ਰਾਪਤ ਕੀਤੀ। ਉਸ ਦੇ ਮਾਪੇ ਅਮੀਰ ਵਪਾਰੀ, ਪ੍ਰੋਟੈਸਟੈਟਵਾਦ ਵਿੱਚ ਵਿਸ਼ਵਾਸ ਰੱਖਣ ਵਾਲੇ, ਅਤੇ ਖੁੱਲ੍ਹੇ ਰਾਜਨੀਤਿਕ ਵਿਚਾਰਾਂ ਦੇ ਧਾਰਨੀ ਸਨ। ਵੈਬਰ ਨੇ ਫਰੀਬਰਗ (freburg) ਹੇਡਲਬਰਗ ਅਤੇ ਮਿਊਨਿਚ ਦੀਆਂ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰੀ ਕੀਤੀ ਅਤੇ 1897 ਵਿੱਚ ਮਾਨਸਿਕ ਸੰਤੁਲਨ ਗੁਆਉਣ ਉਪਰੰਤ ਨਕਾਰਾ ਹੋ ਗਿਆ।

      ਜਿਥੋਂ ਤੱਕ ਵੈਬਰ ਦੀ ਸਮਾਜ-ਵਿਗਿਆਨਕ ਵਿਧੀ ਦਾ ਸੰਬੰਧ ਹੈ, ਉਹ ਸਮਝਦਾ ਸੀ ਕਿ ਕੁਰਰਤੀ ਵਿਗਿਆਨਾ ਵਾਂਗ ਸਮਾਜ-ਵਿਗਿਆਨ ਵਿੱਚ ਮਨੁੱਖੀ ਵਤੀਰੇ ਬਾਰੇ ਸਰਬਵਿਆਪਕ ਕਨੂੰਨ ਨਹੀਂ ਲੱਭੇ ਜਾ ਸਕਦੇ ; ਮਨੁੱਖੀ ਕਰਮ ਵਿਕਾਸ ਦੀ ਪ੍ਰਕਿਰਿਆ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ (ਉਹ ਇਤਹਾਸਵਾਦ ਵਿਰੋਧੀ ਸੀ) ; ਮੌਜੂਦਾ ਜਾਂ ਭਵਿੱਖ ਵਿੱਚ ਵਾਪਰਨ ਵਾਲੇ ਮਾਮਲਿਆਂ ਨੂੰ ਸਦਾਚਾਰਕ ਪੱਖੋਂ ਠੀਕ ਸਿੱਧ ਨਹੀਂ ਕੀਤਾ ਜਾ ਸਕਦਾ ; ਅਤੇ ਸਮੂਹਕ ਸੰਕਲਪਾਂ ਦਾ ਵਿਕਾਸ ਨਹੀਂ ਕੀਤਾ ਜਾ ਸਕਦਾ, ਜੇ ਉਹਨਾਂ ਨੂੰ ਵਿਅਕਤੀਗਤ ਕਾਰਜਾਂ ਦੇ ਰੂਪ ਵਿੱਚ ਬਿਆਨਿਆ ਨਾ ਜਾ ਸੱਕੇ ਤਾਂ। ਸਮਾਜ-ਵਿਗਿਆਨ ਦਾ ਕੰਮ “ਮਨੁੱਖੀ ਕਾਰਜ” ਨੂੰ ਸਮਝਣਾ ਹੈ, ਜੋ ਕਿ “ਅਰਥ ਭਰਪੂਰ” ਹੁੰਦਾ ਹੈ ਅਤੇ “ਅਦਰਸ਼ਕ ਵੰਨਗੀਆਂ” ਬਣਾ ਕੇ ਸਮਾਜਿਕ ਪ੍ਰਪੰਚ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਸਮਾਜ-ਵਿਗਿਆਨਕ ਅਧਿਅਨ ਵਿੱਚ ਬਾਹਰਮੁਖਤਾ/ ਨਿਰਪੱਖਤਾ” (objectivity) ਸੰਭਵ ਨਹੀਂ, ਕਿਉਂਕਿ ਸਮਾਜ-ਵਿਗਿਆਨੀ ਆਪ ਕਿਸੇ ਕਦਰ ਪ੍ਰਨਾਲੀ ਦਾ ਧਾਰਨੀ ਹੁੰਦੀ ਹੈ। ਸਮਾਜਿਕ ਪ੍ਰਪੰਚ ਨੂੰ ਸਮਝਣ ਲਈ “ਅੰਤਰਨੀਝ” (versthen) ਦੀ ਲੋੜ ਹੁੰਦੀ ਹੈ, ਭਾਵੇਂ ਸਰਵੇਖਣਾ ਦੁਆਰ ਇਕੱਤਰਤ ਖੋਜਸਮਗਰੀ ਵਿਅਰਥ ਨਹੀਂ ਹੁੰਦਾ। ਉਸ ਨੇ ਸਮਾਜਿਕ ਕਾਰਜ ਅਤੇ ‘ਅਧਿਕਾਰ’ ਦਾ ਅਧਿਐਨ ਇਹਨਾਂ ਦੀਆਂ ਅਦਰਸ਼ਕ ਵੰਨਗੀਆਂ ਦੁਆਰਾ ਹੀ ਕੀਤਾ।

      ਸਰਮਾਏਦਾਰੀ ਦੇ ਵਿਕਾਸ ਵਿੱਚ ਵੈਬਰ ਅਨੁਸਾਰ ਪ੍ਰੋਟੈਸਟੈਂਟ ਮੱਤ ਨੇ ਆਪਣਾ ਹਿੱਸਾ ਪਾਇਆ। ਪ੍ਰੋਟੈਸਟੈਂਟ ਅਤੇ ਖਾਸ ਕਰ ਕੈਲਵਿਨਿਸਟ ਨੈਤਿਕਤਾ ਨੇ ਮਨੁੱਖੀ ਤਾਰਕਿਕਤਾ, ਸੰਜਮ, ਮਿਹਨਤ ਆਦ ਉੱਤੇ ਜ਼ੋਰ ਦੇ ਕੇ ਸਰਮਾਏਦਾਰੀ ਦੇ ਵਿਕਾਸ ਵਿੱਚ ਸਹਾਇਤਾ ਕੀਤੀ। ਉਸ ਅਨੁਸਾਰ ਹਿੰਦੂ ਧਰਮ ਕਿਸਮਤ (ਕਰਮ) ਉੱਤੇ ਜ਼ੋਰ ਦੇਣ ਕਾਰਨ ਅਜਿਹਾ ਨਾ ਕਰ ਸਕਿਆ। ਸਰਮਾਏਦਾਰੀ ਦਾ ਬੁਨਿਆਦੀ ਗੁਣ ਤਾਰਕਿਕਤਾ ਹੈ, ਜੋ ਕੇਵਲ ਆਰਥਿਕ ਕਾਰਜ ਵਿੱਚ ਹੀ ਰੂਪਮਾਨ ਨਹੀਂ ਹੁੰਦੀ, ਸਗੋਂ ਜੀਵਨ ਦੇ ਸਾਰੇ ਪਖਾਂ ਉੱਤੇ ਹਾਵੀ ਹੋ ਜਾਂਦੀ ਹੈ - ਸਿਆਸਤ, ਧਰਮ, ਅਮਲਾਸ਼ਾਹੀ, ਆਰਥਿਕ ਸੰਸਥਾਵਾਂ, ਯੂਨੀਵਰਸਿਟੀਆਂ, ਲਬਾਰਟਰੀਆਂ, ਪਰਿਵਾਰ ਆਦਿ ਹਰ ਥਾਂ ਤਾਰਕਿਕ ਸੋਚ/ਕਾਰਜ ਦੀ ਪਰਧਾਨਤਾ ਹੁੰਦੀ ਹੈ। ਇਸ ਤਰ੍ਹਾਂ ਸਰਮਾਏਦਾਰੀ ਨੇ ਮਨੁੱਖ ਨੂੰ ਇੱਕ “ਲੋਹੇ ਦੇ ਪਿੰਜਰੇ” ਵਿੱਚ ਬੰਦ ਕਰ ਦਿੱਤਾ ਹੈ।

      ਵੈਬਰ ਬਾਰੇ ਆਮ ਤੌਰ ਉੱਤੇ ਇਹ ਆਖਿਆ ਜਾਂਦਾ ਹੈ, ਕਿ ਉਹ “ਮਾਰਕਸ ਦੇ ਭੂਤ ਨਾਲ ਘਸੁੰਨ ਮੁੱਕੀ” ਹੁੰਦਾ ਰਿਹਾ। ਇਸ ਕਥਨ ਵਿੱਚ ਕਾਫ਼ੀ ਸੱਚ ਹੈ ਅਤੇ ਕੁਝ ਲੋਕ ਉਸ ਨੂੰ ਸਰਮਾਏਦਾਰੀ ਨਿਜ਼ਾਮ ਦਾ “ਮਾਰਕਸ” ਆਖਦੇ ਹਨ। ਮਾਰਕਸ ਵਿਰੋਧੀ ਕੁਝ ਨੁਕਤੇ ਇਹ ਹਨ: 1. ਮਾਰਕਸ ਦੀ ਅਧਿਐਨ ਵਿਧੀ ਪਦਾਰਥਕ ਇਤਹਾਸਵਾਦ ਸੀ, ਜਦਕਿ ਵੈਬਰ ਲਈ “ਵਰਸਟਹੀਨ” (versthen) ਅਤੇ “ਅਦਰਸ਼ਕ ਵੰਨਗੀ” ਮਨੁੱਖੀ ਵਤੀਰੇ ਨੂੰ ਸਮਝਣ ਦੀਆਂ ਯੋਗ ਵਿਧੀਆਂ ਸਨ। 2. ਮਾਰਕਸ ਅਨੁਸਾਰ ਆਰਥਿਕ ਪਰਬੰਧ ਸਮਾਜਿਕ ਰਚਨਾਵਾਂ ਨੂੰ ਨਿਸ਼ਚਿਤ ਕਰਦਾ ਸੀ, ਜਦਕਿ ਵੈਬਰ ਅਨੁਸਾਰ ਸਮਾਜੀ ਸੱਭਿਆਚਾਰਿਕ ਰਚਨਾ, ਧਰਮ, ਸਰਮਾਏਦਾਰੀ ਦੀ ਆਰਥਿਕ ਰਚਨਾ ਦਾ ਜਨਮਦਾਤਾ ਸੀ। 3. ਮਾਰਕਸ ਅਨੁਸਾਰ ਵਰਗ ਰਚਨਾਵਾਂ, ਜੋ ਆਰਥਿਕ ਸਾਧਨਾ ਦੀ ਮਾਲਕੀ ਉੱਤੇ ਆਧਾਰਿਤ ਹੁੰਦੀਆਂ ਹਨ, ਸਮਾਜਿਕ ਪ੍ਰਕਿਰਿਆਵਾਂ ਨੂੰ ਸਮਝਣ ਲਈ ਜ਼ਰੂਰੀ ਹੁੰਦੀਆਂ ਹਨ ; ਜਦਕਿ ਵੈਬਰ ਅਨੁਸਾਰ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰ ਸੁਤੰਤਰ ਰਚਨਾਵਾਂ ਦੇ ਧਾਰਨੀ ਹੁੰਦੇ ਹਨ। 4. ਮਾਰਕਸ ਅਨੁਸਾਰ ਵਰਗ ਸੰਘਰਸ਼ ਜ਼ਰੂਰੀ/ਅਨੁਵਾਰੀ ਸੀ, ਜਦਕਿ ਵੈਬਰ ਅਨੁਸਾਰ ਕੁਝ ਕਦਮ ਚੁੱਕ ਕੇ ਵਰਗ ਸੰਘਰਸ਼ ਦੀ ਧਾਰ ਖੁੰਢੀ ਕੀਤੀ ਜਾ ਸਕਦੀ ਸੀ, ਅਤੇ ਇਹ ਕੰਮ ਸਰਮਾਏਦਾਰੀ ਸਮਾਜਾਂ ਨੇ ਕਰ ਲਿਆ ਹੈ। 5. ਮਾਰਕਸ ਵਰਗ ਸੰਘਰਸ਼ ਲਾਮਬੱਧ ਕਰਨ ਦੇ ਹੱਕ ਵਿੱਚ ਸੀ, ਅਤੇ ਉਸ ਨੇ ਅਜਿਹਾ ਕੀਤਾ ਵੀ, ਜਦਕਿ ਵੈਬਰ ਸਰਮਾਏਦਾਰੀ ਦਾ ਸਲਾਹਕਾਰ ਸੀ। ਮਾਰਕਸ ਦਾ ਵਿਸ਼ਾ ਸਮੁੱਚੀਆਂ ਸਮਾਜਿਕ ਰਚਨਾਵਾਂ ਅਤੇ ਇਹਨਾਂ ਨੂੰ ਬਦਲਨਾ ਸੀ, ਜਦਕਿ ਵੈਬਰ ਦੀ ਦਿਲਚਸਪੀ ਮਨੁੱਖੀ ਕਾਰਜ ਵਿੱਚ ਸੀ ਜੋ ਆਪਣੇ ਆਪ ਵਿੱਚ ਅਰਥ ਭਰਪੂਰ ਹੁੰਦਾ ਹੈ।

      ਵੈਬਰ ਦੀਆਂ ਕੁਝ ਲਿਖਤਾਂ ਇਹ ਸਨ: The Protestant ethics and the spirit of capitalism (1904); The city (1912) ; The methodology of the social sciences (1904-1917) ; The Religion of China (1916) l The Religion of India (1916) ; Ancient judaism (1917) ; The sociology of Religion (1922); Economy and society (1921) ; general economic History (1923) ; The theory of social and economic organizations (1925)


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.